ਸੁਖਬੀਰ ਬਾਦਲ ਦੀ 'ਪਾਣੀ ਵਾਲੀ ਬੱਸ' ਨੂੰ ਨਵਜੋਤ ਸਿੱਧੂ ਨੇ ਲਗਾਈ 'ਬਰੇਕ'



ਐਨ ਐਨ ਆਈ  
ਗੁਰਪ੍ਰੀਤ ਸਿੰਘ ਜੋਸਨ, ਫ਼ਿਰੋਜ਼ਪੁਰ : 

ਹਰੀਕੇ ਜੰਗਲੀ ਜੀਵ ਪਨਾਹਗਾਹ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰੀਕੇ ਵਿਖੇ ਪਿਛਲੀ ਸਰਕਾਰ ਵੱਲੋਂ ਚਲਾਈ ਗਈ ਪਾਣੀ ਵਾਲੀ ਬੱਸ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਮੌਕੇ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕਿ ਕਿਹਾ ਹਰੀਕੇ ਜੰਗਲੀ ਜੀਵ ਪਨਾਹਗਾਹ ਵਿਖੇ ਵੱਖ ਵੱਖ ਦੇਸ਼ਾਂ ਦੇ ਪੰਛੀ ਆਉਂਦੇ ਹਨ ਅਤੇ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ। ਉਨ੍ਹਾਂ ਕਿਹਾ ਕਿ ਜਲਦ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਕੇ ਸੈਰ ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਜੰਗਲੀ ਜੀਵ ਪਨਾਹਗਾਹ ਤੇ ਸੈਲਾਨੀਆਂ ਦੇ ਆਉਣ ਨਾਲ ਇਸ ਇਲਾਕੇ ਦੀ ਤਰੱਕੀ ਹੋਵੇਗੀ । ਇਸ ਮੌਕੇ ਉਨ੍ਹਾਂ ਦੇ ਇਸ ਖੇਤਰ ਨਾਲ ਸਬੰਧਤ ਚਾਰ ਵਿਧਾਇਕਾਂ ਪਰਮਿੰਦਰ ਸਿੰਘ ਪਿੰਕੀ (ਫ਼ਿਰੋਜ਼ਪੁਰ), ਕੁਲਬੀਰ ਸਿੰਘ ਜ਼ੀਰਾ (ਜ਼ੀਰਾ), ਹਰਮਿੰਦਰ ਸਿੰਘ ਗਿੱਲ (ਪੱਟੀ), ਅਤੇ ਸੁਖਪਾਲ ਸਿੰਘ ਭੁੱਲਰ (ਖੇਮਕਰਨ) ਦੀ ਮੰਗ ਤੇ ਪਿਛਲੀ ਸਰਕਾਰ ਵੱਲੋਂ ਚਲਾਈ ਗਈ ਪਾਣੀ ਵਾਲੀ ਬੱਸ ਨੂੰ ਬੰਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬੱਸ ਦੇ ਚੱਲਣ ਨਾਲ ਜਿੱਥੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੁੰਦੀ ਹੈ ਉੱਥੇ ਹੀ ਬੱਸ ਦੀ ਆਵਾਜ਼ ਨਾਲ ਵੱਖ ਵੱਖ ਦੇਸ਼ਾਂ ਤੋ ਆਏ ਪ੍ਰਵਾਸੀ ਪੰਛੀਆਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। -- ਬਾਦਲ ਪਰਿਵਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੀਆਂ ਬੱਸਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਕੀਤਾ : ਸਿੱਧੂ -- ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਆਪਣੀ ਪਾਣੀ ਵਾਲੀ ਬੱਸ ਚਲਾਉਣ ਲਈ ਰੋਪੜ ਹੈਡ ਵਰਕਸ ਤੋਂ ਪਾਣੀ ਛੱਡਿਆ, ਜਿਸ ਨਾਲ ਕਈ ਕਿਸਾਨਾਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਕਰੋੜਾਂ ਰੁਪਏ ਲਾਗਤ ਵਾਲੀ ਇਹ ਬੱਸ ਮਸਾਂ ਹੀ 10 ਦਿਨ ਚੱਲੀ। ਜੇਕਰ ਪਿਛਲੀ ਸਰਕਾਰ ਨੂੰ ਬੱਸਾਂ ਚਲਾਉਣ ਦਾ ਹੀ ਸ਼ੌਕ ਸੀ ਤਾਂ 350 ਕਰੋੜ ਘਾਟੇ ਵਿੱਚ ਚੱਲ ਰਹੀ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਕਿਉਂ ਨਹੀਂ ਚਲਾਇਆ । ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੀਆਂ ਬੱਸਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਕੀਤਾ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਚਲਾਉਣ ਵਾਲਾ ਉਨ੍ਹਾਂ ਦਾ ਕਰੀਬੀ ਹੀ ਬੱਸਾਂ ਦੇ ਟਾਈਮ ਟੇਬਲ ਬਣਾਉਂਦਾ ਹੈ ਜਿਸ ਕਾਰਨ ਪੀ.ਆਰ.ਟੀ.ਸੀ. ਨੂੰ ਨਿੱਤ ਦਿਨ ਘਾਟਾ ਪੈਂਦਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕੋ ਮੰਤਵ ਹੈ ਲੋਕ ਪੱਖੀ ਫ਼ੈਸਲੇ ਲੈਣਾ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ (ਫ਼ਿਰੋਜ਼ਪੁਰ), ਕੁਲਬੀਰ ਸਿੰਘ ਜ਼ੀਰਾ (ਜ਼ੀਰਾ), ਹਰਮਿੰਦਰ ਸਿੰਘ ਗਿੱਲ (ਪੱਟੀ), ਅਤੇ ਸ. ਸੁਖਪਾਲ ਸਿੰਘ ਭੁੱਲਰ (ਖੇਮਕਰਨ), ਸਾਬਕਾ ਵਿਧਾਇਕ ਇੰਦਰਜੀਤ ਸਿੰਘ, ਰਾਮਵੀਰ ਡਿਪਟੀ ਕਮਿਸ਼ਨਰ ਫਿਰੋਜਪੁਰ, ਇੰਜੀ.ਡੀ.ਪੀ.ਐਸ ਖਰਬੰਦਾ ਡਿਪਟੀ ਕਮਿਸ਼ਨਰ ਤਰਨਤਾਰਨ, ਗੋਰਵ ਗਰਗ ਜਿਲ੍ਹਾ ਪੁਲੀਸ ਮੁੱਖੀ ਫਿਰੋਜਪੁਰ, ਹਰਿੰਦਰ ਸਿੰਘ ਖੋਸਾ, ਗੁਰਭੇਜ ਸਿੰਘ ਟਿੱਬੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸਨ।